Skip to content
ਰੋਜ਼ ਕੋਈ ਸੁਪਨੇ ਵਿਚ ਆਉੰਦਾ ਰਹਿੰਦਾ ਹੈ
ਸੰਨ੍ਹ ਮੇਰੀ ਨੀੰਦਰ ਨੂੰ ਲਾਉਂਦਾ ਰਹਿੰਦਾ ਹੈ
ਗੱਲ ਕਰਦਾ ਸੀ ਹੱਸ ਹੱਸ ਕੇ ਜੋ ਸਾਡੇ ਨਾਲ
ਬਿਨ ਗੱਲੋਂ ਹੁਣ ਨੱਕ ਚੜਾਉਂਦਾ ਰਹਿੰਦਾ ਹੈ
ਮੰਨਣਾਂ ਅਤੇ ਮਨਾਉਣਾਂ ਰੱਖ ਕੇ ਇਕ ਪਾਸੇ
ਨਖਰੇ ਤਾਬੜਤੋੜ ਵਿਖਾਉਂਦਾ ਰਹਿੰਦਾ ਹੈ
ਦਿਲ ਦਰਵਾਜੇ ਦਸਤਕ ਕੋਈ ਨਾ ਆਣ ਪਵੇ
ਕੋਠੇ ਉੱਤੋਂ ਕਾਗ ਉਡਾਉੰਦਾ ਰਹਿੰਦਾ ਹੈ
ਪਹਿਲਾਂ ਅੱਖਾਂ ਲਾਈਆਂ ਜਿਸ ਨੇ ਮੇਰੇ ਨਾਲ
ਅੱਜਕੱਲ੍ਹ ਅਕਸਰ ਅੱਖ ਚੁਰਾਉੰਦਾ ਰਹਿੰਦਾ ਹੈ
“ਰਾਜੇ” ਨੇ ਜੋ ਉਸ ਲਈ ਗਜ਼ਲਾਂ, ਗੀਤ ਲਿਖੇ
ਆਪਣੇ ਯਾਰਾਂ ਤਾਈੰ ਸੁਣਾਉੰਦਾ ਰਹਿੰਦਾ ਹੈ
~ ਸਤਵਿੰਦਰ ਸਿੰਘ ਰਾਜਾ
IG@Saaaaanjh
IG@iSatwindersingh
ਮੰਗਾਂ ਤੇਰਿਆਂ ਖਿਆਲਾਂ ਤੋਂ ਰਿਹਾਈ, ਮੈਨੂੰ ਦੇਦੇ
ਜਿੰਦ ਆਪਣੀ ਚੋੰ ਸਦਾ ਲਈ ਵਿਦਾਈ, ਮੈਨੂੰ ਦੇਦੇ
ਮੈਂਨੂੰ ਪਤਾ ਕਿਸੇ ਹੋਰ ਹਿੱਸੇ ਆਉਣਾਂ ਤੇਰਾ ਪਿਆਰ
ਮੇਰੇ ਹਿੱਸੇ ਜਿਹੜੀ ਆਉਣੀੰ ਤਨਹਾਈ, ਮੈਨੂੰ ਦੇਦੇ
ਤੈਨੂੰ ਭੁੱਲ ਜਾਵਾਂ ਚੇਤਾ ਤੇਰਾ ਨਿੱਕਲੇ ਦਿਮਾਗੋਂ
ਕਰ ਹੀਲਾ ਕੋਈ ਏਦਾਂ ਦੀ ਦਵਾਈ, ਮੈਨੂੰ ਦੇਦੇ
ਮੇਰੀ ਭੁੱਲ ਸੀ ਜੋ ਤੇਰੇ ਉੱਤੇ ਕੀਤਾ ਇਤਬਾਰ
ਮੰਗੇ ਅੱਖਰ ਪ੍ਰੇਮ ਦੇ ਸੀ ਢਾਈ, ਮੈਨੂੰ ਦੇਦੇ
‘ਰਾਜੇ’, ਤੇਰੇ ਉੱਤੋਂ ਵਾਰੀਆਂ ਜੋ ਗਜ਼ਲਾਂ, ਰੁਬਾਈਆਂ
ਮੇਰੀ ਉਮਰਾਂ ਦੀ ਏਹੋ ਏ ਕਮਾਈ, ਮੈਨੂੰ ਦੇਦੇ
~ ਸਤਵਿੰਦਰ ਸਿੰਘ ‘ਰਾਜਾ’
ਗੱਲ ਇੱਕ ਕਰਨੀ ਤੇਰੇ ਨਾਲ
ਮਸਲਾ ਏ ਕੁਈ ਮੇਰੇ ਨਾਲ ?
ਤੇਰੇ ਬਾਰੇ ਸੋਚ ਰਿਹਾ ਸੀ
ਲਾ ਕੇ ਕੰਡ ਬਨੇਰੇ ਨਾਲ
ਵਿਰਲੇ ਸਾਥ ਨਿਭਾਉਂਦੇ ਨੇ
ਤੁਰਦੇ ਭਾਵੇਂ ਬਥੇਰੇ ਨਾਲ
ਜਿਸ ਨੂੰ ਰੂਹ ਦੀ ਹੋਵੇ ਤਾਂਘ
ਫਰਕ ਨੀ ਰੰਗ ਸਲੇਰੇ ਨਾਲ
ਪੁੱਛਣ ਪੁੱਛਣ ਕਰਦਾ ਸੀ
ਪੁੱਛ ਈ ਲਿਆ ਅੱਜ ਜ਼ੇਰੇ ਨਾਲ
ਜੇ ਮੈਂ ਚੰਗਾ ਲੱਗਨਾਂ ਵਾਂ
ਲੈ ਲੈ ਫੇਰੇ ਮੇਰੇ ਨਾਲ
~ ਸਤਵਿੰਦਰ ਸਿੰਘ ‘ਰਾਜਾ’